ਸੇਵਾ ਦੇ ਪੁੰਜ ਅਤੇ ਅਜ਼ੀਮ ਸ਼ਖਸ਼ੀਅਤ ਸੱਚਖੰਡ ਵਾਸੀ ਸੰਤ ਬਾਬਾ ਸੇਵਾ ਸਿੰਘ ਜੀ ਦੇ ਨਾਂ ਤੇ ਇਹ ਕਾਲਜ ਇਸ ਵਿਸ਼ਾਲ ਇਲਾਕੇ ਰੋਪੜ ਤੋਂ ਕਾਹਨਪੁਰ ਖੂਹੀ, ਅਨੰਦਪੁਰ ਸਾਹਿਬ ਤੋਂ ਹਿਆਤਪੁਰ ਤੱਕ, ਗੜ੍ਹਬਾਗਾ ਤੋਂ ਭੋਗੀਪੁਰ ਤੱਕ ਦੀਆਂ ਲੜਕੀਆਂ ਨੂੰ ਉਚੇਰੀ ਵਿੱਦਿਆ ਪ੍ਰਦਾਨ ਕਰ ਰਿਹਾ ਹੈ । ਥੋੜੇ ਸਮੇਂ ਵਿਚ ਹੀ ਇਸ ਕਾਲਜ ਨੇ ਚੰਗੀਆਂ ਵਿਦਿਅਕ ਸੰਸਥਾਵਾਂ ਵਿੱਚੋਂ ਇਕ ਸਿਰਮੌਰ ਵਿੱਦਿਅਕ ਸੰਸਥਾ ਦੇ ਤੌਰ 'ਤੇ ਆਪਣਾ ਸਥਾਨ ਬਣਾ ਲਿਆ ਹੈ । ਇਹ ਕਾਲਜ ਰੋਪੜ ਨੂਰਪੁਰ ਬੇਦੀ ਰੋਡ 'ਤੇ ਨੂਰਪੁਰ ਬੇਦੀ ਤੋਂ 5 ਕਿਲੋਮੀਟਰ ਰੋਪੜ ਵੱਲ ਸਥਿਤ ਹੈ | ਇਸ ਦੀ ਸਥਿਤੀ ਅਤੇ ਵਾਤਾਵਰਣ ਬਹੁਤ ਹੀ ਰਮਣੀਕ, ਸ਼ਾਂਤ, ਸੁੰਦਰ, ਅਤੇ ਪ੍ਰਕ੍ਰਿਤਿਕ ਨਜ਼ਾਰਿਆਂ ਨਾਲ ਲਬਰੇਜ਼ ਹੈ । ਇਸ ਦਾ ਵਾਤਾਵਰਣ ਪੜ੍ਹਾਈ ਦੇ ਬੇਹੱਦ ਅਨੁਕੂਲ ਅਤੇ ਵਿਦਿਆਰਥੀਆਂ ਨੂੰ ਪੜ੍ਹਨ ਲਈ ਇਕ ਦਮ ਉਤਸ਼ਾਹਿਤ ਕਰਦਾ ਹੈ । ਇਹ ਕਾਲਜ ਦੂਨ ਵੈਲੀ ਦੇ ਵਿੱਚ ਸਥਿਤ ਹੈ, ਜਿਸਦੇ ਚੜ੍ਹਦੇ ਪਾਸੇ ਸਤਲੁਜ ਦਰਿਆ ਅਤੇ ਉਸ ਉੱਪਰ ਹਿਮਾਲਿਆ ਦੀਆਂ ਪਹਾੜੀਆਂ ਦੀ ਸ਼ਿਵਾਲਿਕ ਧਾਰਾ ਹੈ, ਜਿਸਦੇ ਵਿੱਚ ਕੇਸਗੜ੍ਹ ਸਾਹਿਬ ਅਤੇ ਨੈਣਾ ਦੇਵੀ ਦੇ ਧਾਰਮਿਕ ਸਥਾਨ ਸਥਿਤ ਹਨ । ਲਹਿੰਦੇ ਪਾਸੇ ਰੋਪੜ ਊਨਾ ਦੀਆਂ ਪਹਾੜੀਆਂ ਦੀਆਂ ਹਰੀਆਂ ਭਰੀਆਂ ਚੋਟੀਆਂ ਹਨ । ਇਸ ਕਾਲਜ ਵਿੱਚ ਬੀ. ਏ. ਭਾਗ ਪਹਿਲਾ, ਦੂਜਾ, ਤੀਜਾ ਆਰਟਸ ਦੇ ਵਿਸ਼ੇ ਪੜ੍ਹਾਏ ਜਾਂਦੇ ਹਨ । ਬੀ.ਸੀ.ਏ. ਭਾਗ ਪਹਿਲਾ, ਦੂਜਾ, ਤੀਜਾ, ਪੀ.ਜੀ.ਡੀ.ਸੀ.ਏ., ਐਮ.ਐੱਸ.ਸੀ. ਆਈ.ਟੀ. (ਰੈਗੂਲਰ), ਐਮ.ਐੱਸ.ਸੀ. ਆਈ.ਟੀ. (ਲੇਟਰਲ), ਬੀ.ਕਾਮ. ਭਾਗ ਪਹਿਲਾ, ਦੂਜਾ, ਤੀਜਾ ਚੱਲ ਰਹੇ ਹਨ ।
ਇਲਾਕਾ ਨਿਵਾਸੀਆਂ ਦੇ ਉੱਦਮ ਸਦਕਾ ਇਸ ਕਾਲਜ ਦੀ ਉਸਾਰੀ ਸੰਤ ਬਾਬਾ ਸਰਵਣ ਦਾਸ ਜਟਵਾਹਰ ਵਾਲਿਆਂ ਵਲੋਂ 23 ਅਪ੍ਰੈਲ 1995 ਨੂੰ ਆਪਣੇ ਕਰ ਕਮਲਾਂ ਸਦਕਾ ਨੀਂਹ ਪੱਥਰ ਰੱਖ ਕੇ ਸ਼ੁਰੂ ਕੀਤੀ ਗਈ ਅਤੇ ਸੰਤ ਬਾਬਾ ਲਾਭ ਸਿੰਘ ਜੀ ਵਲੋਂ ਇਸ ਨੂੰ ਵਰਤਮਾਨ ਸਰੂਪ ਦਿੱਤਾ ਗਿਆ । ਇਹ ਕਾਲਜ ਦਾ ਪਹਿਲਾ ਸੈਸ਼ਨ ਜੁਲਾਈ 1998 ਵਿੱਚ ਸ਼ੁਰੂ ਹੋਇਆ । ਇਹ ਕਾਲਜ 1998 ਤੋਂ ਦਸੰਬਰ 2016 ਤੱਕ ਇਸ ਕਾਲਜ ਦਾ ਪ੍ਰਬੰਧ ਸੰਤ ਬਾਬਾ ਸੇਵਾ ਸਿੰਘ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਵਲੋਂ ਚਲਾਇਆ ਜਾ ਰਿਹਾ ਸੀ । ਇਹ ਕਾਲਜ 20 ਦਸੰਬਰ 2016 ਨੂੰ ਪੰਜਾਬ ਸਰਕਾਰ ਵਲੋਂ ਟੇਕਓਵਰ ਕਰ ਲਿਆ ਗਿਆ ਸੀ ਅਤੇ ਹੁਣ ਇਹ ਸਰਕਾਰੀ ਪ੍ਰਬੰਧ ਅਧੀਨ ਚਲ ਰਿਹਾ ਹੈ । ਇਹ ਕਾਲਜ ਕਿਸੇ ਨਸਲ, ਜਾਤੀ ਜਾਂ ਕੌਮ ਦੇ ਵਿਤਕਰੇ ਤੋਂ ਬਗੈਰ ਹਰ ਲੜਕੀ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਦਾ ਹੈ । ਇਸ ਕਾਲਜ ਵਿੱਚ ਯੂਨੀਵਰਸਿਟੀ ਵਲ੍ਹੋਂ ਪੜ੍ਹਾਏ ਜਾਂਦੇ ਵਿਸ਼ਿਆਂ ਦੇ ਨਾਲ਼ ਨਾਲ਼ ਸਮਾਜਿਕ ਧਾਰਮਿਕ ਅਤੇ ਨੈਤਿਕ ਕਦਰਾਂ ਕੀਮਤਾਂ ਤੋਂ ਵੀ ਜਾਣੂ ਕਰਵਾਇਆ ਜਾਂਦਾ ਹੈ ਤਾਂ ਜੋ ਵਿਦਿਆਰਥਣਾਂ ਦਾ ਸਰਬ ਪੱਖੀ ਵਿਕਾਸ ਹੋ ਸਕੇ ਅਤੇ ਉਹ ਆਪਣੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਕੇ ਇਕ ਚੰਗਾ ਸਮਾਜ ਸਿਰਜਣ ਦੇ ਯੋਗ ਹੋ ਸਕਣ ।