ਮੈਨੂੰ ਇਸ ਗੱਲ ਦੀ ਪ੍ਰਸੰਨਤਾ ਹੋ ਰਹੀ ਹੈ ਕਿ ਤੁਸੀਂ ਪੰਜਾਬ ਦੀ ਅਨੂਠੀ ਸੰਸਥਾ ਸੰਤ ਬਾਬਾ ਸੇਵਾ ਸਿੰਘ ਮੈਮੋਰੀਅਲ ਸਰਕਾਰੀ ਕਾਲਜ (ਲੜਕੀਆਂ) ਗੁਰੂ ਕਾ ਖੂਹ, ਮੁੰਨੇ (ਨੂਰਪੁਰ ਬੇਦੀ) ਜ਼ਿਲਾ ਰੋਪੜ ਵਿਖੇ ਵਿੱਦਿਆ ਗ੍ਰਹਿਣ ਕਰਨ ਲਈ ਆਪਣਾ ਇਰਾਦਾ ਜ਼ਾਹਿਰ ਕਰ ਰਹੇ ਹੋ । ਮੈਨੂੰ ਪੂਰੀ ਆਸ ਹੈ ਕਿ ਤੁਸੀਂ ਇਸ ਕਾਲਜ ਵਿਚ ਦਾਖ਼ਲਾ ਪ੍ਰਾਪਤ ਕਰਕੇ ਖੁਸ਼ੀ ਮਹਿਸੂਸ ਕਰੋਗੇ ਅਤੇ ਪੂਰੀ ਮਿਹਨਤ, ਸਿਰੜਤਾ, ਇਕਾਗਰਤਾ ਅਤੇ ਬੁਲੰਦ ਹੌਂਸਲੇ ਨਾਲ ਰਸਮੀ ਵਿੱਦਿਆ ਗ੍ਰਹਿਣ ਕਰਦੇ ਹੋਏ ਦੇਸ਼ ਦੇ ਸੁਚੱਜੇ ਨਾਗਰਿਕ ਬਣਨ ਦਾ ਸੁਪਨਾ ਸਾਕਾਰ ਕਰ ਸਕੋਗੇ । ਵਿੱਦਿਆ ਹੀ ਮਨੁੱਖ ਪਾਸ ਅਜਿਹਾ ਸੁੰਦਰ ਗਹਿਣਾ ਹੈ ਜੋ ਮਨੁੱਖ ਨੂੰ ਦੂਸਰਿਆਂ ਨਾਲੋਂ ਅਲੱਗ ਪਹਿਚਾਣ ਦਿੰਦਾ ਹੈ, ਜਿਸਦੇ ਰਾਹੀਂ ਤੁਸੀਂ ਇਕ ਵਧੀਆ ਸਮਾਜ ਦੀ ਸਿਰਜਣਾ 'ਚ ਅਹਿਮ ਯੋਗਦਾਨ ਪਾਉਣ ਦੇ ਸਮਰਥ ਹੋ ਸਕਦੇ ਹੋ ।
ਔਰਤ ਦਾ ਸਮਾਜ ਵਿੱਚ ਮਹੱਤਵਪੂਰਨ ਯੋਗਦਾਨ ਹੈ ਜਿਸ ਨੂੰ ਕਿਸੇ ਵੀ ਢੰਗ ਨਾਲ ਨਕਾਰਿਆ ਨਹੀਂ ਜਾ ਸਕਦਾ। ਔਰਤ ਤੋਂ ਬਿਨ੍ਹਾਂ ਪਰਿਵਾਰਕ ਜੀਵਨ ਸੰਭਵ ਨਹੀਂ ਮੰਨਿਆ ਜਾ ਸਕਦਾ । ਇਸ ਲਈ ਜਾਗਰੂਕ ਸਮਾਜ ਲਈ ਔਰਤ ਦਾ ਸਿੱਖਿਅਤ ਹੋ ਕੇ ਸਸ਼ਕਤ ਹੋਣਾ ਅਤਿ ਲਾਜ਼ਮੀ ਹੈ । ਪਰਿਵਾਰਾਂ ਨਾਲ ਸਮਾਜ ਦੀ ਸਿਰਜਣਾ ਹੁੰਦੀ ਹੈ ਅਤੇ ਸਮਾਜਾਂ ਦੇ ਸੰਗਠਨ ਰਾਹੀਂ ਰਾਸ਼ਟਰ ਅਤੇ ਰਾਸ਼ਟਰਾਂ ਦੇ ਸੁਮੇਲ ਨਾਲ ਸੁਚੱਜੇ ਸਮਾਜ ਦੀ ਪਰਿਕਲਪਨਾ ਕੀਤੀ ਜਾ ਸਕਦੀ ਹੈ। ਨੰਗਲ ਤੋਂ ਲੈ ਕੇ ਰੋਪੜ ਤੱਕ ਲੜਕੀਆਂ ਲਈ ਵੱਖਰੇ ਕਾਲਜ ਦੀ ਕੋਈ ਵਿਵਸਥਾ ਨਹੀਂ ਹੈ। ਇਸ ਲੋੜ ਨੂੰ ਮੁੱਖ ਰੱਖਦਿਆਂ ਹੀ ਇਲਾਕੇ ਦੇ ਸੂਝਵਾਨ ਲੋਕਾਂ ਦੀ ਵਿਸ਼ੇਸ਼ ਮੰਗ ਨੂੰ ਸਨਮੁੱਖ ਰੱਖਦਿਆਂ ਗੁਰੂ ਕਾ ਖੂਹ ਮੁੰਨੇ (ਨੂਰਪੁਰ ਬੇਦੀ) ਵਿਖੇ ਮਹਾਨ ਸੇਵਾ ਦੇ ਪੁੰਜ ਅਤੇ ਨਾਮ ਦੇ ਰਸੀਏ ਸੰਤ ਬਾਬਾ ਸੇਵਾ ਸਿੰਘ ਜੀ ਦੀ ਯਾਦ ਵਿੱਚ ਲੜਕੀਆਂ ਦਾ ਡਿਗਰੀ ਕਾਲਜ ਜੁਲਾਈ 1998 ਈਸਵੀ ਵਿੱਚ ਖੋਲਣ ਦਾ ਇਹ ਮਹਾਨ ਉਪਰਾਲਾ ਸੰਤ ਬਾਬਾ ਲਾਭ ਸਿੰਘ ਜੀ ਵਲੋਂ ਕੀਤਾ ਗਿਆ ਸੀ ।
ਇਸ ਕਾਲਜ ਵਿੱਚ ਬੀ.ਏ., ਬੀ. ਕਾਮ. ਦੀ ਪੜ੍ਹਾਈ ਦੇ ਨਾਲ ਨਾਲ ਕਿੱਤਾ ਮੁੱਖੀ ਕੋਰਸ ਬੀ.ਸੀ.ਏ, ਪੀ.ਜੀ.ਡੀ.ਸੀ.ਏ, ਐਮ.ਐਸ.ਸੀ - ਆਈ.ਟੀ ਰੈਗੂਲਰ ਅਤੇ ਲੇਟਰਲ ਚਲਾਏ ਜਾ ਰਹੇ ਹਨ ਤਾਂ ਜੋ ਇਸ ਇਲਾਕੇ ਦੀਆਂ ਪ੍ਰਤਿਭਾਸ਼ੀਲ ਬੱਚੀਆਂ ਆਪਣੀ ਪ੍ਰਤਿਭਾ ਅਨੁਸਾਰ ਸਿੱਖਿਆ ਗ੍ਰਹਿਣ ਕਰਕੇ ਆਪਣੇ ਆਪ ਨੂੰ ਇਸ ਸਮਾਜ ਵਿੱਚ ਕੁਝ ਕਰਨ ਦੇ ਸਮਰੱਥ ਹੋ ਸਕਣ। ਬੱਚੀਆਂ ਦੇ ਸਰਵ-ਪੱਖੀ ਵਿਕਾਸ ਲਈ ਜਿੱਥੇ ਬੌਧਿਕ ਪੱਧਰ ਉੱਚਿਆਂ ਕਰਨ ਲਈ ਨਿਰਧਾਰਿਤ ਸਿਲੇਬਸ ਨੂੰ ਪੜ੍ਹਾਉਣ ਲਈ ਯੋਗ ਟੀਚਿੰਗ ਸਟਾਫ਼ ਹੈ, ਉੱਥੇ ਹੀ ਉਨ੍ਹਾਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਸਹਿਪਾਠੀ-ਕਿਰਿਆਵਾਂ ਅਤੇ ਖੇਡਾਂ ਦਾ ਵੀ ਯੋਗ ਪ੍ਰਬੰਧ ਕੀਤਾ ਗਿਆ ਹੈ ।
ਮੈਨੂੰ ਇਹ ਵੀ ਦੱਸਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਲਾਕੇ ਦੇ ਸੂਝਵਾਨ ਨਾਗਰਿਕਾਂ ਅਤੇ ਸਤਿਕਾਰਯੋਗ ਸੰਤ ਬਾਬਾ ਲਾਭ ਸਿੰਘ ਜੀ ਦੇ ਸੁਚੱਜੇ ਯਤਨਾਂ ਸਦਕਾ ਹੀ ਇਹ ਕਾਲਜ 21 ਦਸੰਬਰ 2016 ਤੋਂ ਨੋਟੀਫਿਕੇਸ਼ਨ ਨੰ 15/12/16-5ਸਿ ਸੈਲ 623 ਅਧੀਨ ਸਰਕਾਰ ਨੇ ਟੇਕਓਵਰ ਕਰ ਲਿਆ ਹੈ । ਹੁਣ ਇਸਦਾ ਸਮੁੱਚਾ ਪ੍ਰਬੰਧ ਸਰਕਾਰੀ ਨਿਯਮਾਂ ਅਧੀਨ ਹੋਣ ਕਰਕੇ ਇਲਾਕੇ ਦੇ ਲੋਕਾਂ ਨੂੰ ਫੀਸਾਂ ਅਤੇ ਫੰਡਾਂ ਵਿੱਚ ਭਾਰੀ ਛੂਟ ਮਿਲਣ ਦਾ ਮੌਕਾ ਮਿਲਣ ਕਰਕੇ ਬਹੁਤ ਸਾਰੇ ਆਰਥਿਕ ਪੱਖੋਂ ਪਛੜੇ ਲੋਕਾਂ ਨੂੰ ਵੀ ਆਪਣੀਆਂ ਬੱਚੀਆਂ ਨੂੰ ਸਿੱਖਿਆ ਗ੍ਰਹਿਣ ਕਰਨ ਦਾ ਅਵਸਰ ਪ੍ਰਦਾਨ ਕਰ ਰਿਹਾ ਹੈ। ਇਸ ਕਾਲਜ ਵਿੱਚ ਲੜਕੀਆਂ ਲਈ ਵਧੀਆ ਲਾਇਬ੍ਰੇਰੀ , ਖੇਡ ਦਾ ਮੈਦਾਨ, ਵਧੀਆ ਪੜ੍ਹਾਈ ਦੇ ਕਮਰੇ, ਸਵੱਛ ਪਾਣੀ ਦਾ ਪ੍ਰਬੰਧ, ਸੁਚੱਜਾ ਫਰਨੀਚਰ ਅਤੇ ਆਧੁਨਿਕ ਕੰਪਿਊਟਰ ਲੈਬ ਆਦਿ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ । ਮੈਨੂੰ ਪੂਰਨ ਆਸ ਹੈ ਕਿ ਤੁਸੀਂ ਇਸ ਕਾਲਜ ਵਿੱਚ ਦਾਖ਼ਲ ਹੋ ਕੇ ਫ਼ਖ਼ਰ ਮਹਿਸੂਸ ਕਰੋਗੇ । ਕਾਲਜ ਦੀਆਂ ਪੁਰਾਣੀਆਂ ਰਵਾਇਤਾਂ ਨੂੰ ਕਾਇਮ ਰੱਖਦਿਆਂ ਇਸ ਇਲਾਕੇ ਵਿੱਚ ਵਿਦਿਅਕ, ਖੇਡਾਂ ਅਤੇ ਸੱਭਿਆਚਾਰਕ ਖੇਤਰ ਵਿੱਚ ਆਪਣੀਆਂ ਅਹਿਮ ਪ੍ਰਾਪਤੀਆਂ ਸਦਕਾ, ਇਸ ਸੰਸਥਾ ਨੂੰ ਹੋਰ ਵੀ ਮਾਣ-ਯੋਗ ਰੁਤਬਾ ਦਿਵਾਓਗੇ । ਮੈਂ ਤੁਹਾਡੇ ਉਜਵਲ ਭਵਿੱਖ ਦੀ ਕਾਮਨਾ ਕਰਦੀ ਹਾਂ ।
ਤੁਹਾਡੀ
ਗੀਤਾਂਜਲੀ ਸ਼ਰਮਾਂ
(ਪ੍ਰਿੰਸੀਪਲ)